ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਸਾਰੇ ਪੈਨਸ਼ਨ ਖਾਤਿਆਂ ਨੂੰ 15 ਦਿਨਾਂ ਦੇ ਅੰਦਰ ਅੰਦਰ ਚਾਲੂ ਕਰਨ ਦੇ ਨਿਰਦੇਸ਼ ਦਿੱਤੇ।

ਚੰਡੀਗੜ੍ਹ, 17 ਅਪ੍ਰੈਲ, 2017: ਪੰਜਾਬ ਸਰਕਾਰ ਨੇ ਅੱਜ ਲੋੜਵੰਦਾਂ ਨੂੰ ਸਮੇਂ ਸਿਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਮੱਦੇਨਜ਼ਰ ਸਮਾਜਿਕ ਸੁਰੱਖਿਆ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਨਾਲ ਜੁੜੇ ਖਾਤਿਆਂ ਨੂੰ 15 ਦਿਨਾਂ ਦੇ ਅੰਦਰ ਚਾਲੂ ਕਰਨ ਫੈਸਲਾ ਕੀਤਾ ਹੈ।

ਇਸ ਸਬੰਧੀ ਫੈਸਲਾ ਅੱਜ, ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਰਾਜਿਆ ਸੁਲਤਾਨਾ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਬੈਠਕ ਵਿਚ ਲਿਆ ਗਿਆ। ਵੱਖ-ਵੱਖ ਸਮਾਜਿਕ ਸੁਰੱਖਿਆ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਹੋਈ, ਜਿਸ ਵਿਚ ਡੀ ਪੀ ਓ (ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ), ਡੀ ਐਸ ਐਸ ਓ (ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ) ਅਤੇ ਪ੍ਰੋਗਰਾਮ ਮੁਖੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਲਿਆ ਗਿਆ ਇਕ ਹੋਰ ਮਹੱਤਵਪੂਰਨ ਫੈਸਲਾ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਜੱਚਾ ਲਾਭ ਸਕੀਮ ਲਾਗੂ ਕਰਨਾ ਸੀ। ਇਸ ਯੋਜਨਾ ਅਧੀਨ, ਬੱਚੇ ਦੇ ਜਨਮ ਤੋਂ 6 ਮਹੀਨੇ ਦੀ ਉਮਰ ਤੱਕ ਆਂਗਣਵਾੜੀ ਕੇਂਦਰਾਂ ਨਾਲ ਰਜਿਸਟਰਡ ਗਰਭਵਤੀ ਔਰਤਾਂ ਨੂੰ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।

ਸ਼੍ਰੀਮਤੀ ਰਜ਼ੀਆ ਸੁਲਤਾਨਾ ਨੇ ਵਿਭਾਗ ਦੇ ਸੀਨੀਅਰ ਅਫਸਰਾਂ ਨੂੰ ਵੀ ਨਿਰਦੇਸ਼ ਦਿੱਤਾ ਕਿ ਉਹ ਵੱਖ-ਵੱਖ ਖੇਤਰੀ ਪੱਧਰ ਦੇ ਅਧਿਕਾਰੀਆਂ ਦੁਆਰਾ ਕੀਤੇ ਕਾਰਜ ਅਤੇ ਪ੍ਰਾਪਤ ਪ੍ਰਗਤੀ ਦੀ ਤਿਮਾਹੀ ਸਮੀਖਿਆ ਲਈ ਇੱਕ ਕਾਰਜ ਯੋਜਨਾ ਤਿਆਰ ਕਰਨ। ਮੰਤਰੀ ਨੇ ਲਿੰਗ ਅਨੁਪਾਤ ਦੇ ਡਾਟਾਬੇਸ ਨੂੰ ਤਿਆਰ ਕਰਨ ਲਈ ਸਾਰੇ ਪਿੰਡਾਂ ਵਿਚ ਨਵੇਂ ਜਨਮੇ ਬੱਚਿਆਂ' ਦਾ ਸਰਵੇਖਣ ਮਾਸਿਕ ਅਧਾਰ ਤੇ ਕਰਨ ਲਈ ਆਂਗਨਵਾੜੀ ਵਰਕਰਾਂ ਲਈ ਨਿਰਦੇਸ਼ ਜਾਰੀ ਕੀਤੇ। ਇਹ ਡਾਟਾਬੇਸ ਰਾਜ ਦੀ ਲਿੰਗ ਅਨੁਪਾਤ ਵਿੱਚ ਸੁਧਾਰ ਹਿੱਤ ਵਿਸਤ੍ਰਿਤ ਨੀਤੀ ਬਣਾਉਣ ਲਈ ਵਰਤਿਆ ਜਾਵੇਗਾ। ਉਸਨੇ ਵਿਭਾਗ ਦੀ ਵੈੱਬਸਾਈਟ ਸ਼ੁਰੂ ਕਰਨ ਦੀ ਹਦਾਇਤ ਕੀਤੀ ਤਾਂ ਜੋ ਕਿ ਵਿਭਾਗ ਦੀਆਂ ਵੱਖ-ਵੱਖ ਭਲਾਈ ਸਕੀਮਾਂ ਅਤੇ ਨੀਤੀਆਂ ਬਾਰੇ ਜਾਣਕਾਰੀ ਗਰੀਬ ਅਤੇ ਲੋੜਵੰਦ ਨਿਵਾਸੀਆਂ ਨੂੰ ਦਿੱਤੀ ਜਾ ਸਕੇ।

ਸ਼੍ਰੀ ਐਸ.ਕੇ. ਸੰਧੂ, ਵਧੀਕ ਮੁੱਖ ਸਕੱਤਰ, ਸਮਾਜਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਨੇ ਹੈਡਕੁਆਟਰ ਦੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਤੇ ਪ੍ਰਚਲਤ ਸਮੱਸਿਆਵਾਂ ਨੂੰ ਸਮਝਣ ਲਈ ਇਕ ਮਹੀਨੇ ਵਿਚ ਦੋ ਦਿਨ ਦਾ ਦੌਰਾ ਕਰਨ ਲਈ ਨਿਰਦੇਸ਼ ਦਿੱਤੇ ਹਨ ਤਾਂ ਜੋ ਆਮ ਜਨਤਾ ਦੇ ਲਾਭ ਲਈ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੰਮ ਦੇ ਮੁਲਾਂਕਣ ਦੀਆਂ ਰਿਪੋਰਟਾਂ ਨੂੰ ਪੰਦਰਵਾਸੀ ਆਧਾਰ ਤੇ ਮੁੱਖ ਦਫਤਰ ਵਿਚ ਪੇਸ਼ ਕਰਨ ਲਈ ਕਿਹਾ।

ਅਖ਼ੀਰ ਵਿਚ ਮੰਤਰੀ ਨੇ ਅਫ਼ਸਰਾਂ ਨੂੰ ਲਗਨ ਅਤੇ ਮਿਹਨਤ ਕਰਨ ਅਤੇ ਸੰਚਾਰ ਦੇ ਵੱਖ ਵੱਖ ਢੰਗਾਂ ਰਾਹੀਂ ਵਿਭਾਗ ਦੀਆਂ ਵੱਖ ਵੱਖ ਭਲਾਈ ਸਕੀਮਾਂ ਬਾਰੇ ਜਨਤਾ ਨੂੰ ਸੰਵੇਦਨਸ਼ੀਲ ਬਣਾਉਣ ਲਈ ਕਿਹਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਸ਼ਵਨੀ ਕੁਮਾਰ, ਵਿਸ਼ੇਸ਼ ਸਕੱਤਰ ਸ੍ਰੀ ਸੁਖਵਿੰਦਰ ਸਿੰਘ, ਡਾਇਰੈਕਟਰ ਸ੍ਰੀ ਰਜਨੀਸ਼ ਕੁਮਾਰ, ਵਧੀਕ ਨਿਰਦੇਸ਼ਕ, ਡਬਲਿਊ.ਸੀ.ਡੀ. ਸ੍ਰੀਮਤੀ ਕਿਰਨ ਧਵਨ, ਵਧੀਕ ਨਿਰਦੇਸ਼ਕ, ਸਮਾਜਿਕ ਸੁਰੱਖਿਆ, ਸ੍ਰੀਮਤੀ ਲਿਲੀ ਚੌਧਰੀ, ਸੰਯੁਕਤ ਡਾਇਰੈਕਟਰ ਅਤੇ ਸਾਰੇ ਡਿਪਟੀ ਡਾਇਰੈਕਟਰ ਮੌਜੂਦ ਸਨ।


ਆਖਰੀ ਅਪਡੇਟ: 22 ਜੂਨ 2017, 10:04 am

© 2017 ਸ.ਸੁ.ਵਿ., ਸਭ ਅਧਿਕਾਰ ਰਾਖਵੇਂ ਹਨ ।

ਸਮੱਗਰੀ ਦੀ ਮਾਲਕੀ, ਮਿਤੀ ਅੰਤ ਅਤੇ ਸਾਂਭ ਸੰਭਾਲ, ਸ.ਸੁ.ਵਿ.

ਵਿਉਂਤ ਅਤੇ ਤਿਆਰਕਰਤਾ: 

ਸੀ-ਡੈਕ ਮੁਹਾਲੀ